Punjabi: NT

Matthew

17

1ਛੇਆਂ ਦਿਨਾਂ ਬਾਅਦ, ਯਿਸੂ ਨੇ ਪਤਰਸ, ਯਾਕੂਬ ਅਤੇ ਉਸਦੇ ਭਰਾ ਯੂਹੰਨਾ ਨੂੰ ਲਿਆ ਅਤੇ ਉਨ੍ਹਾਂ ਨੂੰ ਇੱਕ ਉੱਚੇ ਪਹਾਡ਼ ਤੇ ਲੈ ਗਿਆ।2ਉਨ੍ਹਾਂ ਚੇਲਿਆਂ ਦੇ ਸਾਮ੍ਹਣੇ ਯਿਸੂ ਬਦਲ ਗਿਆ। ਉਸਦਾ ਮੁਖ ਸੂਰਜ ਵਾਂਗ ਚਮਕਿਆ ਅਤੇ ਉਸਦੇ ਕੱਪਡ਼ੇ ਚਾਨਣ ਵਰਗੇ ਚਿਟ੍ਟੇ ਹੋ ਗਏ।3ਫ਼ੇਰ ਉਨ੍ਹਾਂ ਦੋ ਆਦਮੀ, ਮੂਸਾ ਅਤੇ ਏਲੀਯਾਹ, ਯਿਸੂ ਨਾਲ ਗੱਲਾਂ ਕਰਦੇ ਹੋਏ ਨਜ਼ਰ ਆਏ।4ਤਦ ਪਤਰਸ ਨੇ ਅੱਗੋਂ ਯਿਸੂ ਨੂੰ ਆਖਿਆ, “ਪ੍ਰਭੂ ਜੀ ਸਾਡਾ ਇਥੇ ਹੋਣਾ ਚੰਗਾ ਹੈ। ਜੇ ਤੁਸੀਂ ਚਾਹੋਂ ਤਾਂ ਇਥੇ ਤਿੰਨ ਡੇਰੇ ਬਨਾਵਾਂ, ਇੱਕ ਤੁਹਾਡੇ ਲਈ ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ।”5ਅਜੇ ਪਤਰਸ ਬੋਲ ਹੀ ਰਿਹਾ ਸੀ ਕਿ ਇੱਕ ਜੋਤਮਾਨ ਬੱਦਲ ਨੇ ਉਨ੍ਹਾਂ ਉੱਪਰ ਛਾਂ ਕੀਤੀ ਅਤੇ ਉਸ ਬੱਦਲ ਵਿੱਚੋਂ ਇੱਕ ਅਵਾਜ਼ ਇਹ ਕਹਿੰਦੀ ਆਈ ਕਿ, “ਇਹ ਮੇਰਾ ਪੁੱਤਰ ਹੈ ਅਤੇ ਮੈਂ ਇਸਨੂੰ ਪਿਆਰ ਕਰਦਾ ਹਾਂ।”6ਜਦੋਂ ਚੇਲਿਆਂ ਨੇ ਇਹ ਅਵਾਜ਼ ਸੁਣੀ ਤਾਂ ਉਹ ਘਬਰਾ ਗਏ। ਉਹ ਮੂਧੇ ਮੂੰਹ ਡਿੱਗ ਪਏ।7ਪਰ ਯਿਸੂ ਨੇ ਨੇਡ਼ੇ ਆਕੇ ਉਨ੍ਹਾਂ ਨੂੰ ਛੋਹਿਆ ਅਤੇ ਕਿਹਾ, “ਉਠੋ ਅਤੇ ਡਰੋ ਨਾ।”8ਤਦ ਉਨ੍ਹਾਂ ਨੇ ਆਪਣੀਆਂ ਅਖਾਂ ਚੁੱਕੀਆਂ ਤਾਂ ਉਥੇ ਹੋਰ ਕਿਸੇ ਨੂੰ ਨਹੀਂ ਸਿਰਫ਼ ਯਿਸੂ ਨੂੰ ਇੱਕਲਾ ਦੇਖਿਆ।9ਜਦੋਂ ਯਿਸੂ ਅਤੇ ਉਸਦੇ ਚੇਲੇ ਪਹਾਡ਼ ਤੋਂ ਹੇਠਾਂ ਆ ਰਹੇ ਸਨ, ਯਿਸੂ ਨੇ ਉਨ੍ਹਾਂ ਨੂੰ ਆਦੇਸ਼ ਦਿੱਤਾ, “ਜਦ ਤੀਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀ ਉਠੇ, ਉਸ ਦਰਸ਼ਨ ਦੀ ਗੱਲ ਕਿਸੇ ਨੂੰ ਨਹੀਂ ਦੱਸਣਾ।”10ਤਦ ਉਸਦੇ ਚੇਲਿਆਂ ਨੇ ਉਸਤੋਂ ਪੁੱਛਿਆ, “ਫ਼ੇਰ ਨੇਮ ਦੇ ਉਪਦੇਸ਼ਕ ਇਹ ਕਿਉਂ ਆਖਦੇ ਹਨ ਕਿ ਮਸੀਹ ਦੇ ਆਉਣ ਤੋਂ ਪਹਿਲਾਂ ਏਲੀਯਾਹ ਦਾ ਆਉਣਾ ਜ਼ਰੂਰੀ ਹੈ?”11ਯਿਸੂ ਨੇ ਉੱਤਰ ਦਿੱਤਾ, “ਉਹ ਠੀਕ ਆਖਦੇ ਹਨ ਕਿ ਉਹ ਆਵੇਗਾ ਅਤੇ ਸਭ ਕੁਝ ਬਹਾਲ ਕਰੇਗਾ।12ਪਰ ਮੈਂ ਤੁਹਾਨੂੰ ਆਖਦਾ ਹਾਂ, ਕਿ ਏਲੀਯਾਹ ਪਹਿਲਾਂ ਹੀ ਆ ਚੁਕਿਆ ਹੈ ਪਰ ਉਨ੍ਹਾਂ ਨੇ ਉਸਨੂੰ ਨਹੀਂ ਪਛਾਣਿਆ। ਅਤੇ ਜੋ ਬਦੀ ਲੋਕ ਕਰ ਸਕਦੇ ਸਨ, ਉਨ੍ਹਾਂ ਨੇ ਉਸ ਨਾਲ ਕੀਤੀ। ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਉਨ੍ਹਾਂ ਹੱਥੋਂ ਦੁਖ ਪਾਵੇਗਾ।”13ਤਦ ਚੇਲਿਆਂ ਨੂੰ ਸਮਝ ਪਈ ਕਿ ਯਿਸੂ ਦਾ ਭਾਵ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਹੈ ਕਿ ਉਹੀ ਅਸਲ ਵਿੱਚ ਏਲੀਯਾਹ ਸੀ।14ਜਦ ਯਿਸੂ ਅਤੇ ਉਸਦੇ ਚੇਲੇ ਭੀਡ਼ ਕੋਲ ਵਾਪਸ ਪਰਤੇ ਤਾਂ ਇੱਕ ਮਨੁੱਖ ਉਸਦੇ ਕੋਲ ਆਇਆ ਅਤੇ ਉਸ ਅੱਗੇ ਗੋਡੇ ਨਿਵਾਕੇ ਬੋਲਿਆ,15ਪ੍ਰਭੂ ਜੀ, “ਮੇਰੇ ਪੁੱਤਰ ਉੱਤੇ ਦਯਾ ਕਰੋ ਕਿਉਂਕਿ ਉਹ ਮਿਰਗੀ ਦੇ ਮਾਰੇ ਬਹੁਤ ਦੁਖ ਪਾਉਂਦਾ ਹੈ। ਉਹ ਤਾਂ ਬਹੁਤ ਵਾਰੀ ਅੱਗ ਵਿੱਚ ਜਾਂ ਪਾਣੀ ਵਿੱਚ ਡਿੱਗ ਪੈਂਦਾ ਹੈ।16ਮੈਂ ਉਸਨੂੰ ਤੁਹਾਡੇ ਚੇਲਿਆਂ ਕੋਲ ਲਿਆਇਆ ਸੀ, ਪਰ ਉਹ ਉਸਨੂੰ ਚੰਗਾ ਨਾ ਕਰ ਸਕੇ।”17ਤਦ ਯਿਸੂ ਨੇ ਉੱਤਰ ਦਿੱਤਾ, “ਤੁਹਾਨੂੰ ਵਿਸ਼ਵਾਸ ਨਹੀਂ ਹੈ। ਤੁਹਾਡਾ ਜੀਵਨ ਢੰਗ ਗਲਤ ਹੈ। ਕਿੰਨਾ ਚਿਰ ਮੈਨੂੰ ਤੁਹਾਡੇ ਨਾਲ ਰਹਿਣਾ ਪਵੇਗਾ? ਕਿੰਨਾ ਚਿਰ ਮੈਂ ਤੁਹਾਡੇ ਨਾਲ ਸਬਰ ਤੋਂ ਕੰਮ ਲਵਾਂਗਾ। ਬੱਚੇ ਨੂੰ ਇਥੇ ਲਿਆਓ।”18ਤਾਂ ਯਿਸੂ ਨੇ ਬੱਚੇ ਅੰਦਰਲੇ ਭੂਤ ਨੂੰ ਸਖਤੀ ਨਾਲ ਝਿਡ਼ਕਿਆ। ਭੂਤ ਬੱਚੇ ਵਿੱਚੋਂ ਬਾਹਰ ਆ ਗਿਆ ਅਤੇ ਉਸੇ ਘਡ਼ੀ ਬੱਚਾ ਚੰਗਾ ਹੋ ਗਿਆ।19ਫ਼ੇਰ ਜਦੋਂ ਯਿਸੂ ਇਕੱਲਾ ਸੀ ਚੇਲੇ ਉਸ ਕੋਲ ਆਏ ਅਤੇ ਪੁੱਛਿਆ, ਕਿ ਅਸੀਂ ਭੂਤ ਨੂੰ ਕਿਉਂ ਨਾ ਕਢ ਸਕੇ?20ਉਸਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਉਸ ਬੱਚੇ ਵਿੱਚੋਂ ਭੂਤ ਕਢਣ ਵਿੱਚ ਇਸ ਲਈ ਨਾਕਾਮਯਾਬ ਰਹੇ ਕਿਉਂਕਿ ਤੁਹਾਡੀ ਨਿਹਚਾ ਕਮਜ਼ੋਰ ਸੀ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਹਾਡੇ ਵਿੱਚ ਸਰ੍ਹੋਂ ਦੇ ਦਾਣੇ ਜਿੰਨੀ ਵੀ ਆਸਥਾ ਹੋਵੇ ਤਾਂ ਤੁਸੀਂ ਇਸ ਪਹਾਡ਼ ਨੂੰ ਵੀ ਜੇ ਕਹੋਂਗੇ, ‘ਇਥੋਂ ਹਟਕੇ ਉਸ ਥਾਂ ਚਲਾ ਜਾ’, ਤਾਂ ਉਹ ਚਲਿਆ ਜਾਵੇਗਾ ਅਤੇ ਤੁਹਾਡੇ ਲਈ ਕੋਈ ਵੀ ਕੰਮ ਅਨਹੋਣਾ ਨਹੀਂ ਹੋਵੇਗਾ।”21[This verse may not be a part of this translation]22ਬਾਅਦ ਵਿੱਚ ਸਾਰੇ ਚੇਲੇ ਗਲੀਲ ਵਿੱਚ ਇਕਠੇ ਹੋਏ ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮਨੁੱਖ ਦਾ ਪੁੱਤਰ ਲੋਕਾਂ ਦੇ ਹੱਥ ਸੌਂਪ ਦਿੱਤਾ ਜਾਵੇਗਾ। 23ਅਤੇ ਉਹ ਮਨੁੱਖ ਦੇ ਪੁੱਤਰ ਨੂੰ ਮਾਰ ਸੁੱਟਣਗੇ ਅਤੇ ਉਹ ਫ਼ਿਰ ਤੀਜੇ ਦਿਨ ਜੀ ਉਠੇਗਾ।” ਚੇਲੇ ਇਹ ਸੁਣਕੇ ਬਡ਼ੇ ਉਦਾਸ ਹੋਏ ਕਿ ਯਿਸੂ ਮਾਰਿਆ ਜਾਵੇਗਾ।24ਯਿਸੂ ਅਤੇ ਉਸਦੇ ਚੇਲਿਆਂ ਦੇ ਕਫ਼ਰਨਾਹੂਮ ਆਉਣ ਤੋਂ ਬਾਅਦ, ਮੰਦਰ ਦਾ ਕਰ ਉਗਰਾਹੁਣ ਵਾਲੇ ਪਤਰਸ ਕੋਲ ਆਏ ਅਤੇ ਆਖਿਆ, “ਤੁਹਾਡਾ ਗੁਰੂ ਦੋ ਡ੍ਰਾਖਮਾ ਮੰਦਰ ਦਾ ਮਸੂਲ ਦਿੰਦਾ ਹੈ?”25ਪਤਰਸ ਨੇ ਉੱਤਰ ਦਿੱਤਾ, “ਹਾਂ, ਯਿਸੂ ਮਸੂਲ ਦਿੰਦਾ ਹੈ।” ਜਦੋਂ ਪਤਰਸ ਘਰ ਅੰਦਰ ਆਇਆ, ਉਸਦੇ ਬੋਲਣ ਤੋਂ ਪਹਿਲਾਂ, ਯਿਸੂ ਬੋਲਿਆ ਅਤੇ ਉਸਨੂੰ ਪੁੱਛਿਆ, “ਸ਼ਮਊਨ, ਤੂੰ ਕੀ ਸੋਚਦਾ ਹੈਂ? ਧਰਤੀ ਦੇ ਰਾਜੇ ਕਿਨ੍ਹਾਂ ਤੋਂ ਕਰ ਅਤੇ ਮਸੂਲ ਵਸੂਲਦੇ ਹਨ। ਆਪਣੇ ਲੋਕਾਂ ਤੋਂ ਜਾਂ ਦੂਸਰਿਆਂ ਤੋਂ?”26ਪਤਰਸ ਨੇ ਜਵਾਬ ਦਿੱਤਾ, “ਉਹ ਹੋਰਾਂ ਤੋਂ ਮਸੂਲ ਵਸੂਲਦੇ ਹਨ। ਫ਼ਿਰ ਯਿਸੂ ਨੇ ਆਖਿਆ, “ਇਸ ਲਈ ਉਨ੍ਹਾਂ ਦੇ ਆਪਣੇ ਲੋਕਾਂ ਨੂੰ ਛੋਟ ਹੈ।27ਪਰ ਅਸੀਂ ਮਸੂਲੀਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਇਸ ਲਈ ਇਸ ਢੰਗ ਨਾਲ ਮਸੂਲ ਅਦਾ ਕਰੋ, ਝੀਲ ਤੇ ਜਾਓ ਅਤੇ ਮਛੀਆਂ ਫ਼ਡ਼ੋ। ਜਿਹਡ਼ੀ ਮਛੀ ਤੂੰ ਪਹਿਲਾਂ ਫ਼ਡ਼ੇਂਗਾ ਉਸਦਾ ਮੂੰਹ ਖੋਲ੍ਹੀ ਅਤੇ ਚਾਰ ਦ੍ਰਾਖਮਾ ਦਾ ਇੱਕ ਸਿੱਕਾ ਮਿਲੇਗਾ। ਉਹ ਸਿੱਕਾ ਚੁੱਕੀ ਅਤੇ ਮਸੂਲੀਏ ਨੂੰ ਦੇ ਦੇਵੀਂ। ਇਸ ਨਾਲ ਮੇਰਾ ਤੇਰਾ ਮਸੂਲ ਦਿੱਤਾ ਜਾਵੇਗਾ।”